Durdasha TV

Desh Ke Dushmano Ki Baja De Band

ਪਟਿਆਲਾ ਦੇ ਡੋਗਰਾ ਮੁਹੱਲਾ ‘ਚ ਗੰਦੇ ਪਾਣੀ ਕਾਰਨ ਫੈਲਿਆ ਪੀਲੀਆ, ਕਈ ਲੋਕ ਹਸਪਤਾਲ ਦਾਖਲ; ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਦੀ ਵੱਡੀ ਨਾਕਾਮੀ: ਜੈ ਇੰਦਰ ਕੌਰ

ਪਟਿਆਲਾ ਦੇ ਡੋਗਰਾ ਮੁਹੱਲਾ ਵਿਖੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੀ ਲੀਕੇਜ ਕਾਰਨ ਇਲਾਕੇ ਵਿੱਚ ਭਿਆਨਕ ਰੂਪ ਵਿੱਚ ਪੀਲੀਆ ਫੈਲਣ ‘ਤੇ ਡੂੰਘੀ ਚਿੰਤਾ ਅਤੇ ਰੋਸ ਪ੍ਰਗਟ ਕਰਦਿਆਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਤਿੱਖੇ ਹੱਥੀਂ ਲਿਆ। ਜੈ ਇੰਦਰ ਕੌਰ ਨੇ ਸੋਸ਼ਲ ਮੀਡੀਆ ਅਤੇ ਮੀਡੀਆ ਨੂੰ ਜਾਰੀ ਬਿਆਨ ਰਾਹੀਂ ਸਥਾਨਕ ਵਿਧਾਇਕ ਨੂੰ ਸਵਾਲ ਕਰਦਿਆਂ ਪੁੱਛਿਆ ਕਿ, “ਕਿੱਥੇ ਹਨ ਤੁਹਾਡੇ ਉਹ ਵੱਡੇ-ਵੱਡੇ ਪ੍ਰਬੰਧ, ਜਿਨ੍ਹਾਂ ਦੇ ਦਾਅਵੇ ਲੋਕਾਂ ਲਈ ਕੀਤੇ ਜਾਂਦੇ ਸਨ? ਅੱਜ ਜਨਤਾ ਗੰਦਾ ਪਾਣੀ ਪੀਣ ਕਰਕੇ ਹਸਪਤਾਲਾਂ ਵਿੱਚ ਪਹੁੰਚ ਚੁੱਕੀ ਹੈ।”

ਜੈ ਇੰਦਰ ਕੌਰ ਨੇ ਦੱਸਿਆ ਕਿ ਡੋਗਰਾ ਮੁਹੱਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ। ਇਲਾਕਾ ਨਿਵਾਸੀਆਂ ਵੱਲੋਂ ਇਸ ਸਬੰਧੀ ਮਿਊਂਸੀਪਲ ਕਾਰਪੋਰੇਸ਼ਨ (ਨਗਰ ਨਿਗਮ) ਨੂੰ ਵਾਰ-ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਸੁੱਤੇ ਹੋਏ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਕੋਈ ਉਚਿਤ ਕਦਮ ਨਹੀਂ ਚੁੱਕਿਆ। ਇਸ ਅਣਗਹਿਲੀ ਦਾ ਨਤੀਜਾ ਅੱਜ ਇਹ ਨਿਕਲਿਆ ਕਿ ਇਲਾਕੇ ਦੇ ਕਈ ਲੋਕ ਪੀਲੀਏ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹੈ। ਚਿੰਤਾਜਨਕ ਗੱਲ ਇਹ ਹੈ ਕਿ ਦਾਖਲ ਮਰੀਜ਼ਾਂ ਵਿੱਚ ਇੱਕ ਮਾਸੂਮ ਬੱਚੀ ਵੀ ਸ਼ਾਮਲ ਹੈ ਅਤੇ ਡਾਕਟਰਾਂ ਮੁਤਾਬਿਕ ਇਲਾਕੇ ਦੇ ਕਈ ਹੋਰ ਲੋਕਾਂ ਵਿੱਚ ਵੀ ਇਸ ਬਿਮਾਰੀ ਦੇ ਲੱਛਣ ਪਾਏ ਜਾ ਰਹੇ ਹਨ।

ਜੈ ਇੰਦਰ ਕੌਰ ਨੇ ਸਥਾਨਕ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਮੀਡੀਆ ਸਾਹਮਣੇ ਡੋਗਰਾ ਮੁਹੱਲੇ ਦੇ ਪ੍ਰਬੰਧਾਂ ਨੂੰ ਬਿਲਕੁਲ ਜਾਇਜ਼ ਅਤੇ ਸਹੀ ਦੱਸਿਆ ਹੈ। ਵਿਧਾਇਕ ‘ਤੇ ਪਲਟਵਾਰ ਕਰਦਿਆਂ ਭਾਜਪਾ ਆਗੂ ਨੇ ਕਿਹਾ, “ਜੇਕਰ ਤੁਹਾਡੇ ਪ੍ਰਬੰਧ ਇੰਨੇ ਹੀ ਸਹੀ ਸਨ, ਤਾਂ ਫਿਰ ਇਲਾਕੇ ਵਿੱਚ ਪੀਲੀਆ ਕਿਵੇਂ ਫੈਲ ਗਿਆ? ਹਸਪਤਾਲਾਂ ਵਿੱਚ ਬੈੱਡਾਂ ‘ਤੇ ਪਏ ਮਾਸੂਮ ਬੱਚੇ ਅਤੇ ਬਜ਼ੁਰਗ ਕਿਸ ਦੇ ਪ੍ਰਬੰਧਾਂ ਦੀ ਗਵਾਹੀ ਦੇ ਰਹੇ ਹਨ?” ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਉਣ ਲਈ ਸਿੱਧੇ ਅਤੇ ਅਸਿੱਧੇ ਤੌਰ ‘ਤੇ ਪਟਿਆਲਾ ਦਾ ਨਗਰ ਨਿਗਮ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜ਼ਿੰਮੇਵਾਰ ਹਨ, ਜੋ ਸਿਰਫ਼ ਕਾਗਜ਼ੀ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਅਖੀਰ ਵਿੱਚ ਜੈ ਇੰਦਰ ਕੌਰ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਪੱਧਰ ‘ਤੇ ਕਾਰਵਾਈ ਕੀਤੀ ਜਾਵੇ, ਲੀਕੇਜ ਨੂੰ ਤੁਰੰਤ ਠੀਕ ਕਰਕੇ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਇਲਾਕੇ ਵਿੱਚ ਮੈਡੀਕਲ ਕੈਂਪ ਲਗਾ ਕੇ ਪੀਲੀਏ ਨੂੰ ਫੈਲਣ ਤੋਂ ਰੋਕਿਆ ਜਾਵੇ। ਉਨ੍ਹਾਂ ਨੇ ਹਸਪਤਾਲ ਵਿੱਚ ਦਾਖਲ ਸਾਰੇ ਮਰੀਜ਼ਾਂ ਦੇ ਜਲਦੀ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤਣ ਦੀ ਕਾਮਨਾ ਵੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਬੰਦ ਨਾ ਹੋਇਆ ਤਾਂ ਭਾਜਪਾ ਤਿੱਖਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ।

Leave a Reply

Your email address will not be published. Required fields are marked *